ਪੰਜਾਬ ਪ੍ਰੈੱਸ ਕਲੱਬ ਵਿਚ ਆਰ.ਐਨ.ਸਿੰਘ ਦੀ ਬਰਸੀ ਮਨਾਈ ਗਈ
ਜਲੰਧਰ (ਰੋਜ਼ਾਨਾ ਭਾਸਕਰ): ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਅਤੇ ਪ੍ਰਸਿੱਧ ਪ੍ਰੈੱਸ ਫੋਟੋਗ੍ਰਾਫਰ ਸ੍ਰੀ ਆਰ.ਐਨ. ਸਿੰਘ ਦੀ ਬਰਸੀ ਦੇ ਮੌਕੇ ‘ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਲੋਂ ਅੱਜ ‘ਆਰ.ਐਨ. ਸਿੰਘ ਯਾਦਗਾਰੀ ਭਾਸ਼ਨ’ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਬੁਲਾਰੇ ਵਜੋਂ ਡਾ. ਕਮਲੇਸ਼ ਸਿੰਘ ਦੁੱਗਲ ਨੇ ‘ਦੇਸ਼ ਦੀਆਂ ਅਜੋਕੀਆਂ ਸਥਿਤੀਆਂ ਵਿਚ ਮੀਡੀਆ ਨੂੰ ਦਰਪੇਸ਼ ਚੁਣੌਤੀਆਂ’ ਵਿਸ਼ੇ ‘ਤੇ ਵਿਸਥਾਰਪੂਰਬਕ ਆਪਣੇ ਵਿਚਾਰ ਰੱਖੇ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਪੱਤਰਕਾਰੀ ਇਕ ਮਿਸ਼ਨ ਹੁੰਦੀ ਸੀ। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਵੱਡੀਆਂ ਕੁਰਬਾਨੀਆਂ ਕਰਕੇ ਪੱਤਰਕਾਰਾਂ ਅਤੇ ਬਹੁਤ ਸਾਰੇ ਮੀਡੀਆ ਅਦਾਰਿਆਂ ਨੇ ਆਪਣਾ ਨਿਗਰ ਇਤਿਹਾਸਕ ਯੋਗਦਾਨ ਪਾਇਆ ਪਰ ਆਜ਼ਾਦੀ ਤੋਂ ਬਾਅਦ ਪੱਤਰਕਾਰੀ ਇਕ ਪੇਸ਼ਾ ਬਣ ਗਈ।
ਬਹੁਤ ਸਾਰੇ ਮੀਡੀਆ ਅਦਾਰੇ ਸਰਕਾਰਾਂ ਦੇ ਪ੍ਰਭਾਵ ਅਧੀਨ ਆ ਗਏ। ਜਿਹੜੇ ਪੱਤਰਕਾਰ ਤੇ ਮੀਡੀਆ ਅਦਾਰਿਆਂ ਨੇ ਅਜਿਹਾ ਨਹੀਂ ਕੀਤਾ, ਉਨ੍ਹਾਂ ਨੂੰ ਸਰਕਾਰਾਂ ਵਲੋਂ ਇਸ਼ਤਿਹਾਰ ਬੰਦ ਕਰਕੇ ਜਾਂ ਹੋਰ ਢੰਗਾਂ ਨਾਲ ਝੁਕਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਨੇ ਇਸ ਸੰਦਰਭ ਵਿਚ ਐਮਰਜੈਂਸੀ ਕਾਲ, ਪੰਜਾਬ ਸੰਕਟ ਦੇ ਸਮੇਂ ਦੇ ਘਟਨਾਕ੍ਰਮ ਅਤੇ ਦੇਸ਼ ਤੇ ਪੰਜਾਬ ਦੀਆਂ ਅਜੋਕੀਆਂ ਸਥਿਤੀਆਂ ਦਾ ਵੀ ਜ਼ਿਕਰ ਕੀਤਾ।
ਇਸ ਤੋਂ ਪਹਿਲਾਂ ਆਰ.ਐਨ. ਸਿੰਘ ਦੀ ਸਖ਼ਸ਼ੀਅਤ ਬਾਰੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਰੌਸ਼ਨੀ ਪਾਈ ਅਤੇ ਖ਼ਾਸ ਕਰਕੇ ਉਨ੍ਹਾਂ ਦੇ ਹੌਂਸਲੇ ‘ਤੇ ਦ੍ਰਿੜਤਾ ਦੀ ਪ੍ਰਸ਼ੰਸਾ ਕੀਤੀ। ਇਸ ਸਮਾਰੋਹ ਨੂੰ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬੇਦੀ, ਡਾ. ਸੁਰਿੰਦਰਪਾਲ, ਸਮਾਜ ਸੇਵੀ ਸੁਰਿੰਦਰ ਸੈਣੀ ਤੇ ਰਾਮ ਸਿੰਘ ਇੰਨਸਾਫ਼ ਨੇ ਵੀ ਸੰਬੋਧਨ ਕੀਤਾ। ਸਮਾਰੋਹ ਵਿਚ ਪਰਮਜੀਤ ਸਿੰਘ ਵਿਰਕ, ਜੀ.ਪੀ.ਸਿੰਘ,
ਸੁਕਰਾਂਤ ਸਫ਼ਰੀ, ਟਿੰਕੂ ਪੰਡਿਤ, ਹਰੀਸ਼ ਸ਼ਰਮਾ, ਮਨਮੋਹਨ ਸਿੰਘ, ਸੁਰਜੀਤ ਸਿੰਘ ਜੰਡਿਆਲਾ, ਰਮੇਸ਼ ਭਗਤ, ਅਜੈ ਕੁਮਾਰ, ਧਰਮਿੰਦਰ ਸੋਂਧੀ, ਜਗਰੂਪ, ਜਸਬੀਰ ਸਿੰਘ ਸੋਢੀ, ਇੰਦਰਜੀਤ ਕਲਾਕਾਰ, ਕਰਮਜੀਤ ਸਿੰਘ, ਗੀਤਾ ਵਰਮਾ, ਰਮੇਸ਼ ਗਾਬਾ, ਸੋਮਨਾਥ, ਪਰਮਜੀਤ ਸਿੰਘ, ਮੋਨੂੰ ਸੱਭਰਵਾਲ, ਰਾਮ, ਪੁਸ਼ਪਿੰਦਰ ਕੌਰ, ਸੁਰਿੰਦਰ ਰਣਦੇਵ, ਸੌਰਵ ਖੰਨਾ, ਰਮੇਸ਼ ਹੈਪੀ, ਤੇਜਿੰਦਰ ਸਿੰਘ ਰਾਜਨ, ਸੁਮਿਤ ਮਹਿੰਦਰੂ, ਸਹਿਜ ਜੁਨੇਜਾ, ਸੁਨੀਤਾ, ਕਰਨ ਨਾਰੰਗ, ਪਰਮਿੰਦਰ ਸਿੰਘ ਤੇ ਹੋਰ ਪੱਤਰਕਾਰ ਹਾਜ਼ਰ ਰਹੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ।
ਇਸ ਤੋਂ ਪਹਿਲਾਂ ਪੰਜਾਬ ਪ੍ਰੈੱਸ ਕਲੱਬ ਦੇ ਵਿਹੜੇ ਵਿਚ ਪੱਤਰਕਾਰਾਂ ਨੇ ਸ੍ਰੀ ਆਰ.ਐਨ. ਸਿੰਘ ਦੇ ਬੁਤ ‘ਤੇ ਫੁਲ ਝੜ੍ਹਾ ਕੇ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।