ਜਲੰਧਰ ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਅਦਾਰਾ ‘ਅਜੀਤ’ ਦੀ ਸੀਨੀਅਰ ਐਗਜ਼ੈਕਟਿਵ ਸ੍ਰੀਮਤੀ ਗੁਰਜੋਤ ਕੌਰ ਵਲੋਂ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ ਗਈ। ਉਹ ਭਾਰਤ ਸਰਕਾਰ ਦੇ ਵਿਸ਼ੇਸ਼ ਸੱਦੇ ‘ਤੇ ਉਥੇ ਪਹੁੰਚੇ ਸਨ, ਜਿੱਥੇ ਮੰਗੋਲੀਆ ਦੇ ਰਾਸ਼ਟਰਪਤੀ ਦੇ ਸਨਮਾਨ ‘ਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ
ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨੇ ਜਿੱਥੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ, ਉਥੇ ਰੱਖਿਆ, ਉਰਜਾ ਤੇ ਡਿਜੀਟਲਾਈਜ਼ੇਸ਼ਨ ਸਮੇਤ ਹੋਰ ਖੇਤਰਾਂ ‘ਚ ਵਪਾਰਕ ਸਹਿਯੋਗ ਨੂੰ ਹੋਰ ਅੱਗੇ ਲੈ ਕੇ ਜਾਣ ਸੰਬੰਧੀ ਆਪਣੀ ਸਹਿਮਤੀ ਵੀ ਦਿੱਤੀ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਮਹਿਮਾਨ ਸ਼ਖਸੀਅਤ ਨੇ ਵੀ ਦੋਵਾਂ ਮੁਲਕਾਂ ਵਿਚਕਾਰ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਹਮੇਸ਼ਾ ਮੰਗੋਲੀਆ ਨਾਲ ਦੋਸਤਾਨਾ ਸੰਬੰਧਾਂ ਦਾ ਇੱਛੁਕ ਹੀ ਨਹੀਂ ਰਿਹਾ, ਬਲਕਿ ਇਸ ਸਾਂਝ ਨੂੰ ਹੋਰ ਗੂੜ੍ਹੀ ਕਰਨ ਦਾ ਮੁੱਦਈ ਵੀ ਰਿਹਾ ਹੈ ਤੇ ਅੱਜ ਵੀ ਮੰਗੋਲੀਆ ਦੇ ਵਿਕਾਸ ‘ਚ ਭਾਰਤ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੁਝ ਵੱਖ-ਵੱਖ ਮੀਡੀਆ ਅਦਾਰਿਆਂ ਤੋਂ ਵਿਸ਼ੇਸ਼ ਤੌਰ ‘ਤੇ ਬੁਲਾਈਆਂ ਗਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਮਿਲਾਇਆ ਗਿਆ ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਜੋਤ ਕੌਰ ਤੋਂ ਵਿਸ਼ੇਸ਼ ਤੌਰ ‘ਤੇ ਡਾ. ਬਰਜਿੰਦਰ ਸਿੰਘ ਹਮਦਰਦ ਬਾਰੇ ਪੁੱਛਦੇ ਹੋਏ ਕਿਹਾ ਕਿ ‘ਆਪਕੇ ਪਿਤਾ (ਡਾ. ਹਮਦਰਦ) ਜੀ ਕੈਸੇ ਹੈਂ, ਉਨਕੋ ਮੇਰਾ ਪ੍ਰਣਾਮ ਕਹਿਨਾ’।