ਪਲਾਟਾਂ ਦੀ ਸਾਫ਼-ਸਫਾਈ ਨਾਲ ਸਬੰਧਤ 291, ਬੇਸਹਾਰਾ ਪਸ਼ੂਆਂ ਸਬੰਧੀ 48 ਤੇ ਲਟਕਦੀਆਂ ਤਾਰਾਂ ਨਾਲ ਸਬੰਧਤ 37 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਐਕਸ਼ਨ ਹੈਲਪਲਾਈਨ ਵਟਸਐਪ ਨੰਬਰ 96462-22555 ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ : ਡਿਪਟੀ ਕਮਿਸ਼ਨਰ
ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਲੀ ਪਲਾਟਾਂ ਦੀ ਸਫਾਈ, ਢਿੱਲੀਆਂ ਤੇ ਖ਼ਰਾਬ ਤਾਰਾਂ ਅਤੇ ਬੇਸਹਾਰਾ ਪਸ਼ੂਆਂ ਨਾਲ ਸਬੰਧਤ ਮੁਸ਼ਕਲਾਂ ਦੇ ਹੱਲ ਲਈ ਜਾਰੀ ਐਕਸ਼ਨ ਹੈਲਪਲਾਈਨ ਵਟਸਐਪ ਨੰਬਰ 96462-22555 ’ਤੇ ਪ੍ਰਾਪਤ 376 ਸ਼ਿਕਾਇਤਾਂ ਦਾ ਸਫ਼ਲਤਾਪੂਰਵਕ ਹੱਲ ਯਕੀਨੀ ਬਣਾਇਆ ਗਿਆ ਹੈ।
ਐਕਸ਼ਨ ਹੈਲਪਲਾਈਨ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਐਕਸ਼ਨ ਹੈਲਪਲਾਈਨ ’ਤੇ ਪ੍ਰਾਪਤ ਸ਼ਿਕਾਇਤਾਂ ਨੂੰ ਤਰਜੀਹ ਦਿੰਦਿਆਂ ਇਨ੍ਹਾਂ ਦੇ ਫੌਰੀ ਅਤੇ ਢੁੱਕਵੇਂ ਹੱਲ ਲਈ ਹੋਰ ਵੀ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ।

ਡਾ. ਅਗਰਵਾਲ ਨੇ ਦੱਸਿਆ ਕਿ ਖਾਲੀ ਪਲਾਟਾਂ ਦੀ ਸਾਫ਼-ਸਫਾਈ ਨਾਲ ਸਬੰਧਤ ਐਕਸ਼ਨ ਲਾਈਨ ਵਟਸਐਪ ਨੰਬਰ ਰਾਹੀਂ ਪ੍ਰਾਪਤ 291 ਸ਼ਿਕਾਇਤਾਂ ਦਾ ਹੱਲ ਕਰਕੇ ਲੋਕਾਂ ਨੂੰ ਰਾਹਤ ਦਿਵਾਈ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਲਾਟਾਂ ਦੀ ਸਾਫ਼-ਸਫਾਈ ਨਾ ਕਰਵਾਉਣ ਵਾਲਿਆਂ ਖਿਲਾਫ਼ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਜਿਸ ਤਹਿਤ ਪਲਾਟ ਮਾਲਕਾਂ ਨੂੰ 159 ਨੋਟਿਸ ਜਾਰੀ ਕਰਨ ਤੋਂ ਇਲਾਵਾ 8 ਮਾਮਲਿਆਂ ਵਿੱਚ ਰੈੱਡ ਐਂਟਰੀ ਵੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਦੀ ਸੁਰੱਖਿਆ ਅਤੇ ਸ਼ਹਿਰ ਦੀ ਦਿੱਖ ਸੰਵਾਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੈਲੀਕਾਮ ਤੇ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਦੀਆਂ ਸ਼ਹਿਰ ਵਿੱਚ ਲਟਕਦੀਆਂ, ਢਿੱਲੀਆਂ, ਗੈਰ-ਵਰਤੋ ਯੋਗ ਅਤੇ ਖ਼ਰਾਬ ਤਾਰਾਂ ਹਟਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਵੀ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਕਸ਼ਨ ਹੈਲਪਲਾਈਨ ਰਾਹੀਂ ਪ੍ਰਾਪਤ 37 ਸ਼ਿਕਾਇਤਾਂ ਦਾ ਨਬੇੜਾ ਕਰਦਿਆਂ ਅਜਿਹੀਆਂ ਤਾਰਾਂ ਨੂੰ ਹਟਾਇਆ ਗਿਆ ਹੈ। ਉਨ੍ਹਾਂ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਬਿਜਲੀ ਦੇ ਖੰਭਿਆਂ ’ਤੇ ਅਣ-ਅਧਿਕਾਰਤ ਤੌਰ ’ਤੇ ਲਟਕਦੀਆਂ ਤਾਰਾਂ ਲਈ ਸਬੰਧਤ ਕੰਪਨੀਆਂ ਨੂੰ ਜੁਰਮਾਨਾ ਲਗਾਉਣ ਦੇ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਦੱਸਿਆ ਕਿ ਐਕਸ਼ਨ ਹੈਲਪਲਾਈਨ ‘ਤੇ ਬੇਸਹਾਰਾ ਪਸ਼ੂਆਂ ਸਬੰਧੀ ਪ੍ਰਾਪਤ ਸ਼ਿਕਾਇਤਾਂ ਦਾ ਵੀ ਫੌਰੀ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਕਸ਼ਨ ਹੈਲਪਲਾਈਨ ਰਾਹੀਂ ਪ੍ਰਾਪਤ ਅਜਿਹੇ 48 ਮਾਮਲੇ ਨਿਬੇੜਦਿਆਂ ਬੇਸਹਾਰਾ ਪਸ਼ੂਆਂ ਨੂੰ ਕੰਨੀਆਂ ਕਲਾਂ ਗਊਸ਼ਾਲਾ ਪਹੁੰਚਾਇਆ ਗਿਆ ਹੈ।
ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਖਾਲੀ ਪਲਾਟਾਂ ਦੀ ਸਾਫ਼-ਸਫਾਈ ਸਬੰਧੀ ਪੈਂਡਿੰਗ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਹਤ ਦਿਵਾਉਣ ਲਈ ਐਕਸ਼ਨ ਹੈਲਪ ਲਾਈਨ ਰਾਹੀਂ ਪ੍ਰਾਪਤ ਅਜਿਹੀਆਂ ਸ਼ਿਕਾਇਤਾਂ ਦਾ ਨਿਬੇੜਾ ਨਾਲੋ-ਨਾਲ ਕੀਤਾ ਜਾਵੇ।
ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਵਿੱਚ ਜਨਤਾ ਤੋਂ ਸਹਿਯੋਗ ਦੀ ਮੰਗ ਕਰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਲੋਕ ਖਾਲੀ ਪਲਾਟਾਂ ’ਚ ਕੂੜਾ ਸੁੱਟਣ ਨਾਲ ਸਬੰਧਤ ਸੂਚਨਾ ਐਕਸ਼ਨ ਹੈਲਪਲਾਈਨ ਵਟਸਐਪ ਨੰਬਰ 96462-22555 ’ਤੇ ਭੇਜ ਸਕਦੇ ਹਨ।
ਇਸੇ ਤਰ੍ਹਾਂ ਆਪਣੀਆਂ ਖਾਲੀ ਜਾਇਦਾਦਾਂ ਦੀ ਸਾਫ-ਸਫਾਈ ਲਈ ਪ੍ਰਸ਼ਾਸਨ ਪਾਸੋਂ ਮਦਦ ਚਾਹੁਣ ਵਾਲੇ ਲੋਕ ਵੀ ਇਸ ਹੈਲਪਲਾਈਨ ਨੰਬਰ ‘ਤੇ ਸਥਾਨ ਅਤੇ ਪਤਾ ਸਾਂਝਾ ਕਰ ਸਕਦੇ ਹਨ। ਇਸ ਤੋਂ ਇਲਾਵਾ ਬੇਸਹਾਰਾ ਪਸ਼ੂਆਂ ਅਤੇ ਲਟਕਦੀਆਂ ਗੈਰ-ਵਰਤੋ ਯੋਗ ਤੇ ਖ਼ਰਾਬ ਤਾਰਾਂ ਸਬੰਧੀ ਵੀ ਐਕਸ਼ਨ ਹੈਲਪਲਾਈਨ ’ਤੇ ਵਟਸਐਪ ਮੈਸੇਜ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਵੈਸਟ ਪੰਜਾਬ ਤਹਿਤ ਨਿਵੇਸ਼ ਨਾਲ ਸਬੰਧਤ ਪ੍ਰਵਾਨਗੀਆਂ ਅਤੇ ਹੋਰ ਪ੍ਰਕਿਰਿਆਵਾਂ ਬਾਰੇ ਕਿਸੇ ਵੀ ਸਵਾਲ, ਜਾਣਕਾਰੀ ਅਤੇ ਹੱਲ ਲਈ ਨਿਵੇਸ਼ਕ ਐਕਸ਼ਨ ਹੈਲਪਲਾਈਨ ਰਾਹੀਂ ਸਿੱਧਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਵੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਨਿਵੇਸ਼ਕਾਂ ਅਤੇ ਸਬੰਧਤ ਵਿਭਾਗਾਂ ਦਰਮਿਆਨ ਸੰਚਾਰ ਵਧੇਰੇ ਸੁਵਿਧਾਜਨਕ ਬਣੇਗਾ। ਉਨ੍ਹਾਂ ਨਿਵੇਸ਼ਕਾਂ ਅਤੇ ਉੱਦਮੀਆਂ ਨੂੰ ਇਸ ਹੈਲਪਲਾਈਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਸੀ.ਐਮ.ਐਫ.ਓ. ਨਵਦੀਪ ਸਿੰਘ ਸਮੇਤ ਨਗਰ ਨਿਗਮ ਜਲੰਧਰ ਅਤੇ ਸਬੰਧਤ ਵਿਭਾਗਾ ਦੇ ਅਧਿਕਾਰੀ ਵੀ ਮੌਜੂਦ ਸਨ।














