ਜਲੰਧਰ/ਚੰਡੀਗੜ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੇ ਸੈਕਸ਼ਨ-135 (ਸੀ) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਪੈਂਦੇ ਪਿੰਡਾਂ ਜਿਥੇ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮੰਤੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਵਿੱਚ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ ਚੋਣਾਂ ਵਾਲੇ ਦਿਨ 14 ਦਸੰਬਰ 2025 ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਜਾਰੀ ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੋਣਾਂ ਵਾਲੇ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਨਹੀਂ ਖੁੱਲਣਗੇ ਅਤੇ ਨਾ ਹੀ ਇਹਨਾਂ ਪਿੰਡਾਂ ਵਿੱਚ ਪੈਂਦੇ ਹੋਟਲਾਂ, ਰੈਸਟੋਰੈਂਟਾਂ ਜਾਂ ਕਲੱਬਾਂ ਵਿੱਚ ਸ਼ਰਾਬ ਵਰਤਾਈ ਜਾਵੇਗੀ ਅਤੇ ਨਾ ਹੀ ਕੋਈ ਵਿਅਕਤੀ ਸ਼ਰਾਬ ਦੀ ਸਟੋਰੇਜ਼ ਕਰੇਗਾ।
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ; ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ
ਜਲੰਧਰ। ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਸਟੈਂਡਰਡ ਉਪਰੇਟਿੰਗ ਪ੍ਰੋਸੀਜਰ ਤਹਿਤ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਤਰੀਕੇ ਨਾਲ, ਨਿਰਵਿਘਨ ਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਚੋਣਾਂ ਵਾਲੇ ਦਿਨ ਜ਼ਿਲ੍ਹਾ ਜਲੰਧਰ ਵਿਖੇ 14 ਦਸੰਬਰ 2025 ਨੂੰ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਬਣਾਏ ਗਏ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਵੱਖ-ਵੱਖ ਪਾਬੰਦੀਆਂ ਲਗਾਈਆਂ ਗਈਆਂ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਤਹਿਤ ਲਗਾਈਆਂ ਪਾਬੰਦੀਆਂ ਅਨੁਸਾਰ ਪੋਲਿੰਗ ਬੂਥਾਂ ਜਾਂ ਜਨਤਕ/ਨਿੱਜੀ ਜਗ੍ਹਾ ’ਤੇ ਕਿਸੇ ਵੀ ਉਮੀਦਵਾਰ ਜਾਂ ਉਸ ਦੇ ਸਮਰਥਕ ਵਲੋਂ ਪ੍ਰਚਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਵੀ ਵਿਅਕਤੀ ਵਲੋਂ ਪੋਲਿੰਗ ਬੂਥਾਂ ਦੇ ਨਜ਼ਦੀਕ ਸ਼ੋਰ ਸ਼ਰਾਬਾ ਤੇ ਹੁੱਲੜਬਾਜ਼ੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਵਲੋਂ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਸੈਲੂਲਰ ਫੋਨ/ਕੋਰਡਲੈਸ ਫੋਨ/ਵਾਇਰਲੈਸ ਸੈਟ/ਲਾਊਡ ਸਪੀਕਰ/ਮੈਗਾਫੋਨ ਆਦਿ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
ਇਹ ਹੁਕਮ ਚੋਣ ਡਿਊਟੀ ’ਤੇ ਤਾਇਨਾਤ ਆਬਜਰਵਰ, ਪ੍ਰਸ਼ਾਸਨਿਕ, ਪੁਲਿਸ ਅਧਿਕਾਰੀ, ਡਿਊਟੀ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ, ਪੋਲਿੰਗ/ਕਾਊਂਟਿੰਗ ਨਾਲ ਸਬੰਧਤ ਸਰਕਾਰੀ ਕਰਮਚਾਰੀਆਂ ’ਤੇ ਲਾਗੂ ਨਹੀਂ ਹੋਵੇਗਾ। ਇਸ ਦੇ ਨਾਲ ਹੀ ਪ੍ਰਚਾਰ ਨਾਲ ਸਬੰਧਿਤ ਕਿਸੇ ਵੀ ਕਿਸਮ ਦਾ ਪੋਸਟਰ/ਬੈਨਰ ਨਹੀਂ ਲਗਾਇਆ ਜਾਵੇਗਾ।
- ਜਾਰੀ ਹੁਕਮਾਂ ਵਿੱਚ ਇਹ ਵੀ ਪਾਬੰਦੀ ਲਗਾਈ ਗਈ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ, ਚੋਣ ਲੜ ਰਿਹਾ ਉਮੀਦਵਾਰ ਪੋਲਿੰਗ ਯੂਥ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਪੋਲਿੰਗ ਬੂਥ/ਟੈਂਟ ਨਹੀਂ ਲਗਾਏਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਸਿਵਾਏ ਰਾਜ ਚੋਣ ਕਮਿਸ਼ਨ ਪੰਜਾਬ, ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਜਾਂ ਗ੍ਰਾਮ ਪੰਚਾਇਤ ਹਲਕੇ ਦੇ ਰਿਟਰਨਿੰਗ ਅਫ਼ਸਰ ਵਲੋਂ ਅਧਿਕਾਰਤ ਵਿਅਕਤੀ, ਕਿਸੇ ਵੀ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਪ੍ਰਾਈਵੇਟ ਵਹੀਕਲ ਨਹੀਂ ਲਿਜਾਏਗਾ। ————–
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; 48 ਘੰਟੇ ਪਹਿਲਾਂ ਕਿਸੇ ਵੀ ਪ੍ਰਕਾਰ ਦੀ ਜਨਤਕ ਮੀਟਿੰਗ ਕਰਨ ’ਤੇ ਪੂਰਨ ਪਾਬੰਦੀ
ਬਾਹਰੀ ਵਿਅਕਤੀਆਂ ਨੂੰ ਚੋਣ ਵਾਲੇ ਖੇਤਰ ਛੱਡਣ ਦੇ ਹੁਕਮ
ਜਲੰਧਰ। ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਚੋਣ ਵਾਲੇ ਖੇਤਰਾਂ ਵਿੱਚ ਬਾਹਰੀ ਵਿਅਕਤੀਆਂ ਨੂੰ ਮੌਜੂਦ ਨਾ ਰਹਿਣ ਤੇ 5 ਵਿਅਕਤੀਆਂ ਤੋਂ ਜ਼ਿਆਦਾ ਦੇ ਇਕੱਠ ਵਲੋਂ ਜਨਤਕ ਮੀਟਿੰਗਾਂ ਕਰਨ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਚੋਣ ਮੁਕੰਮਲ ਹੋਣ ਦੇ ਸਮੇਂ ਤੋਂ 48 ਘੰਟੇ ਪਹਿਲਾਂ ਭਾਵ ਮਿਤੀ 12 ਦਸੰਬਰ 2025 ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਤੋਂ ਲੈ ਕੇ 14 ਦਸੰਬਰ 2025 ਨੂੰ ਦਿਨ ਐਤਵਾਰ ਸ਼ਾਮ 4 ਵਜੇ ਤੱਕ ਜਿਥੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆ ਹਨ, ਵਿੱਚ ਕਿਸੇ ਵੀ ਪ੍ਰਕਾਰ ਦੀ ਜਨਤਕ ਮੀਟਿੰਗ ਕਰਨ ‘ਤੇ ਪੂਰਨ ਪਾਬੰਦੀ ਹੋਵੇਗੀ।
ਹੁਕਮਾਂ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਚੋਣਾਂ ਤੋਂ 48 ਘੰਟੇ ਪਹਿਲਾਂ ਚਾਰ ਵਿਅਕਤੀਆਂ ਦੇ ਗਰੁੱਪ ਵਲੋਂ ਘਰ-ਘਰ ਕੰਪੇਨ ਕਰਨ ’ਤੇ ਪਾਬੰਦੀ ਨਹੀਂ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਰਾਜਨੀਤਿਕ ਆਗੂ, ਸਮਰਥੱਕ ਜਾਂ ਪਾਰਟੀ ਵਰਕਰ ਜੋ ਕਿ ਸਬੰਧਿਤ ਚੋਣ ਹਲਕੇ ਦਾ ਵੋਟਰ ਤੇ ਵਸਨੀਕ ਨਹੀਂ ਹੈ, ਮਿਤੀ 12-12-2025 ਤੋਂ ਮਿਤੀ 14-12-2025 ਸ਼ਾਮ 4 ਵਜੇ ਤੱਕ ਸਬੰਧਿਤ ਚੋਣ ਖੇਤਰ ਵਿੱਚ ਮੌਜੂਦ ਨਹੀਂ ਰਹਿਣਗੇ।
—————-














