ਡਿਪਟੀ ਕਮਿਸ਼ਨਰ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ਦੀ ਸ਼ੁਰੂਆਤ, ਉਦਯੋਗਪਤੀਆਂ, ਨਿਵੇਸ਼ਕਾਂ ਨੂੰ ਕਾਰੋਬਾਰ ਕਰਨ ਲਈ ਸਾਜਗਾਰ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧਤ

ਕਿਹਾ, ਕਿਸੇ ਵੀ ਜਾਣਕਾਰੀ ਲਈ ਹੈਲਪਲਾਈਨ ਨੰਬਰ 0181-2602139 ‘ਤੇ ਕੀਤੀ ਜਾ ਸਕਦੀ ਹੈ ਕਾਲ

ਐਕਸ਼ਨ ਲਾਈਨ ਵਟਸਐਪ ਨੰਬਰ 9646222555 ’ਤੇ ਵੀ ਭੇਜਿਆ ਜਾ ਸਕਦੈ ਮੈਸੇਜ

ਰੋਜਾਨਾ ਭਾਸਕਰ (ਜਲੰਧਰ): ਕਾਰੋਬਾਰ ਕਰਨ ਵਿੱਚ ਆਸਾਨ ਅਤੇ ਸੁਖਾਵੇਂ ਅਨੁਭਵ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਣ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 0181-2602139 ਅਤੇ ਐਕਸ਼ਨ ਲਾਈਨ ਵਟਸਐਪ ਨੰਬਰ 9646222555 ਦੀ ਸ਼ੁਰੂਆਤ ਕੀਤੀ ਗਈ ਹੈ।

ਡਾ. ਅਗਰਵਾਲ ਨੇ ਦੱਸਿਆ ਕਿ ਨਿਵੇਸ਼ਕ ਕਿਸੇ ਵੀ ਜਾਣਕਾਰੀ/ਹੱਲ ਲਈ ਲੈਂਡਲਾਈਨ ਨੰਬਰ ’ਤੇ ਕਾਲ ਕਰ ਸਕਦੇ ਹਨ ਜਾਂ ਐਕਸ਼ਨ ਲਾਈਨ ਵਟਸਐਪ ਨੰਬਰ ’ਤੇ ਵੀ ਮੈਸੇਜ ਭੇਜ ਸਕਦੇ ਹਨ।

ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੰਡਸਟਰੀ ਸਮੇਤ ਵੱਖ-ਵੱਖ ਵਿਭਾਗਾਂ ਅਤੇ ਨਿਵੇਸ਼ਕਾਂ ਨਾਲ ਮੀਟਿੰਗ ਦੌਰਾਨ ਡਾ. ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪਹਿਲਕਦਮੀ ਨਿਵੇਸ਼ਕਾਂ ਦੀ ਸਹੂਲਤ ਲਈ ਕੀਤੀ ਗਈ ਹੈ।

ਜੋ ਹੁਣ ਨਿਵੇਸ਼ ਨਾਲ ਸਬੰਧਤ ਪ੍ਰਵਾਨਗੀਆਂ ਅਤੇ ਹੋਰ ਪ੍ਰਕਿਰਿਆਵਾਂ ਬਾਰੇ ਕਿਸੇ ਵੀ ਸਵਾਲ, ਜਾਣਕਾਰੀ ਅਤੇ ਹੱਲ ਲਈ ਸਿੱਧਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਨਿਵੇਸ਼ਕਾਂ ਅਤੇ ਸਬੰਧਤ ਵਿਭਾਗਾਂ ਦਰਮਿਆਨ ਸੰਚਾਰ ਵਧੇਰੇ ਸੁਵਿਧਾਜਨਕ ਬਣੇਗਾ।

ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ, ਨਿਵੇਸ਼ਕਾਂ ਨੂੰ ਆਪਣੇ ਕਾਰੋਬਾਰ ਕਰਨ ਲਈ ਸਾਜਗਾਰ ਮਾਹੌਲ ਪ੍ਰਦਾਨ ਕਰਨ ਦੀ ਵਚਨਬੱਧਤਾ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਦਮੀਆਂ ਨੂੰ ਜ਼ਿਲ੍ਹੇ ਵਿੱਚ ਨਿਵੇਸ਼ ਕਰਨ ‘ਚ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਜਿਨ੍ਹਾਂ ਕੋਲ ਨਿਵੇਸ਼ ਕਰਨ ਵਾਲੇ ਉਦਮੀਆਂ ਵੱਲੋਂ ਇਨਵੈਸਟ ਪੰਜਾਬ ਬਿਜ਼ਨਸ ਫਰਸਟ ਪੋਰਟਲ ’ਤੇ ਦਾਖ਼ਲ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਪੁੱਜਦੀਆਂ ਹਨ, ਦਾ ਮਿਥੇ ਸਮੇਂ ਅੰਦਰ ਨਿਪਟਾਰਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਕੀਤੀਆਂ।

  ਉਨ੍ਹਾਂ ਦੱਸਿਆ ਕਿ ਉਦਯੋਗਾਂ ਦੀ ਸਹਾਇਤਾ ਲਈ ਜ਼ਿਲ੍ਹੇ ਵਿੱਚ ਇਕ ਸਮਰਪਿਤ ਸੈੱਲ ਪਹਿਲਾਂ ਹੀ ਕੰਮ ਕਰ ਰਿਹਾ ਹੈ।

    ਡਿਪਟੀ ਕਮਿਸ਼ਨਰ ਨੇ ਨਿਵੇਸ਼ਕਾਂ ਅਤੇ ਉੱਦਮੀਆਂ ਨੂੰ ਇਸ ਹੈਲਪਲਾਈਨ ਅਤੇ ਐਕਸ਼ਨ ਲਾਈਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ।

    ਮੀਟਿੰਗ ਵਿੱਚ ਐਸ.ਡੀ.ਐਮ. ਆਦਮਪੁਰ ਵਿਵੇਕ ਕੁਮਾਰ ਮੋਦੀ (ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ, ਦਿਹਾਤੀ ਵਿਕਾਸ), ਜੀ.ਐਮ.ਡੀ.ਆਈ.ਸੀ. ਦੀਪ ਸਿੰਘ ਗਿੱਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨਿਵੇਸ਼ਕ ਵੀ ਮੌਜੂਦ ਸਨ।