ਪੰਜਾਬ ਯੂਨੀਵਰਸਿਟੀ ‘ਚ ਵਿਵਾਦਿਤ ਹਲਫਨਾਮੇ ਦਾ ਫੈਸਲਾ ਹੋਵੇਗਾ ਵਾਪਸ, ਮੰਗ ਨੂੰ ਲੈ ਕੇ ਕੇਂਦਰੀ ਉੱਚ ਸਿੱਖਿਆ ਸਕੱਤਰ ਨਾਲ ਮਿਲਿਆ ਏਬੀਵੀਪੀ ਦਾ ਪ੍ਰਤੀਨਿਧੀਮੰਡਲ

जालंधर/चंडीगढ़, रोजाना भास्कर (हरीश शर्मा): ਪੰਜਾਬ ਯੂਨੀਵਰਸਿਟੀ ਹਾਲ ਹੀ ਵਿੱਚ ਵਿਦਿਆਰਥੀਆਂ ਦੇ ਲੋਕਤੰਤਰਿਕ ਅਧਿਕਾਰਾਂ ’ਤੇ ਹੋ ਰਹੇ ਪ੍ਰਹਾਰਾਂ ਕਾਰਨ ਚਰਚਾ ਦਾ ਕੇਂਦਰ ਬਣੀ ਹੋਈ ਹੈ। ਯਾਦ ਰਹੇ ਕਿ ਇਸ ਸਾਲ ਨਵੇਂ ਸੈਸ਼ਨ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ’ਤੇ ਇਕ ਵਿਵਾਦਿਤ ਹਲਫਨਾਮਾ ਭਰਨ ਦਾ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਇਸ ਵਿਵਾਦਿਤ ਹਲਫਨਾਮੇ ਨੂੰ ਵਾਪਸ ਲੈਣ ਅਤੇ ਵਿਦਿਆਰਥੀਆਂ ਦੇ ਲੋਕਤੰਤਰਿਕ ਅਧਿਕਾਰਾਂ ਦੀ ਰੱਖਿਆ ਲਈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਪ੍ਰਤੀਨਿਧੀਮੰਡਲ ਦਿੱਲੀ ਵਿਖੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਵਿਨੀਤ ਜੋਸ਼ੀ ਨਾਲ ਮਿਲਿਆ। ਪ੍ਰਤੀਨਿਧੀਮੰਡਲ ਨੇ ਹਲਫਨਾਮੇ ਨਾਲ ਸੰਬੰਧਤ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਉੱਚ ਸਿੱਖਿਆ ਸਕੱਤਰ ਸਾਹਮਣੇ ਰੱਖੀ।

ਪ੍ਰਤੀਨਿਧੀਮੰਡਲ ਨੇ ਯੂਨੀਵਰਸਿਟੀ ਸੀਨੇਟ ਵਿੱਚ ਵਿਦਿਆਰਥੀਆਂ ਦੀ ਮੰਗ ਰੱਖਦਿਆਂ ਕਿਹਾ ਕਿ ਸੀਨੇਟ ਵਿੱਚ ਵਿਦਿਆਰਥੀਆਂ ਨੂੰ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਹੋਰ ਮਜ਼ਬੂਤੀ ਨਾਲ ਪਹੁੰਚ ਸਕੇ। ਇਸ ਮੰਗ ‘ਤੇ ਉੱਚ ਸਿੱਖਿਆ ਸਕੱਤਰ ਵੱਲੋਂ ਵਿਚਾਰ ਕਰ ਕੇ ਇਸ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਗੌਰਵਵੀਰ ਸਿੰਘ ਸੋਹਲ ਨੇ ਕਿਹਾ, ਇਸ ਹਲਫਨਾਮੇ ਦੇ ਪਿੱਛੇ ਵਿਦਿਆਰਥੀਆਂ ਦੇ ਲੋਕਤੰਤਰਿਕ ਅਧਿਕਾਰਾਂ ਨੂੰ ਕੁਚਲਣ ਦੀ ਮਨਸ਼ਾ ਸੀ। ਪਹਿਲੇ ਹੀ ਦਿਨ ਤੋਂ ਏਬੀਵੀਪੀ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਅਤੇ ਉਪ ਕੁਲਪਤੀ ਦਫ਼ਤਰ ਦੇ ਬਾਹਰ ਧਰਨਾ ਅਤੇ ਘੇਰਾਵ ਵੀ ਕੀਤਾ ਸੀ। ਏਬੀਵੀਪੀ ਦੀ ਪਹਿਲ ਹਮੇਸ਼ਾ ਵਿਦਿਆਰਥੀ ਹਿਤ ਰਹੀ ਹੈ ਅਤੇ ਅਸੀਂ ਯੂਨੀਵਰਸਿਟੀ ਵਿੱਚ ਇਹ ਲੜਾਈ ਲੜਦੇ ਆ ਰਹੇ ਹਾਂ। ਇਸੀ ਲੜੀ ਵਿੱਚ ਏਬੀਵੀਪੀ ਦਾ ਪ੍ਰਤੀਨਿਧੀਮੰਡਲ ਦਿੱਲੀ ਵਿੱਚ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਵਿਵਾਦਿਤ ਹਲਫਨਾਮੇ ਨੂੰ ਵਾਪਸ ਲੈਣ ਦੀ ਮੰਗ ਕੀਤੀ, ਜਿਸਨੂੰ ਮਨਜ਼ੂਰ ਵੀ ਕਰ ਲਿਆ ਗਿਆ ਹੈ। ਇਹ ਫੈਸਲਾ ਹਰ ਵਿਦਿਆਰਥੀ ਦੀ ਜਿੱਤ ਹੈ ਅਤੇ ਵਿਦਿਆਰਥੀ ਪਰਿਸ਼ਦ ਹਮੇਸ਼ਾਂ ਹੀ ਵਿਦਿਆਰਥੀ ਹਿਤ ਲਈ ਕੰਮ ਕਰਦੀ ਰਹੇਗੀ।

ਏਬੀਵੀਪੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਵਿਰੇਂਦਰ ਸਿੰਘ ਸੋਲੰਕੀ ਨੇ ਕਿਹਾ, ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ‘ਤੇ ਥੋਪਿਆ ਗਿਆ ਇਸ ਤਰ੍ਹਾਂ ਦਾ ਫੈਸਲਾ ਉਹਨਾਂ ਦੀ ਆਜ਼ਾਦੀ ਅਤੇ ਲੋਕਤੰਤਰਿਕ ਅਧਿਕਾਰਾਂ ‘ਤੇ ਸਿੱਧਾ ਪ੍ਰਹਾਰ ਸੀ। ਵਿਦਿਆਰਥੀ ਪਰਿਸ਼ਦ ਦਾ ਮੰਨਣਾ ਹੈ ਕਿ ਯੂਨੀਵਰਸਿਟੀਆਂ ਵਿੱਚ ਸੰਵਾਦ, ਅਭੀ ਵਿਅਕਤੀ ਦੀ ਆਜ਼ਾਦੀ ਅਤੇ ਭਾਗੀਦਾਰੀ ਹੀ ਅਕਾਦਮਿਕ ਸੰਸਕ੍ਰਿਤੀ ਦੀ ਪਹਿਚਾਣ ਹੁੰਦੀ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਹਲਫਨਾਮਾ ਥੋਪਣਾ ਗਲਤ ਅਤੇ ਵਿਦਿਆਰਥੀ ਅਧਿਕਾਰਾਂ ਦਾ ਹਨਨ ਹੈ। ਹਲਫਨਾਮਾ ਵਾਪਸੀ ਦਾ ਇਹ ਫੈਸਲਾ ਸਾਬਤ ਕਰਦਾ ਹੈ ਕਿ ਵਿਦਿਆਰਥੀ ਸ਼ਕਤੀ ਦੀ ਆਵਾਜ਼ ਪ੍ਰਭਾਵਸ਼ਾਲੀ ਅਤੇ ਨਿਰਣਾਇਕ ਹੁੰਦੀ ਹੈ।

ਪ੍ਰਤੀਨਿਧੀਮੰਡਲ ਵਿੱਚ ਏਬੀਵੀਪੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਵੀਰਿੰਦਰ ਸਿੰਘ ਸੋਲੰਕੀ, ਏਬੀਵੀਪੀ ਦੀ ਰਾਸ਼ਟਰੀ ਸਕੱਤਰ ਕੁ. ਸ਼ਿਵਾਂਗੀ ਖਰਵਾਲ, ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਸ਼੍ਰੀ ਗੌਰਵਵੀਰ ਸਿੰਘ ਸੋਹਲ, ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਅਤੇ ਖੇਲੋ ਭਾਰਤ ਦੀ ਰਾਸ਼ਟਰੀ ਸਹਿ-ਸੰਯੋਜਿਕਾ ਕੁ. ਅਰਪਿਤਾ ਮਲਿਕ ਅਤੇ ਏਬੀਵੀਪੀ ਦੇ ਉੱਤਰੀ ਖੇਤਰ ਸੰਗਠਨ ਮੰਤਰੀ ਸ਼੍ਰੀ ਗੌਰਵ ਅਤਰੀ ਸ਼ਾਮਲ ਸਨ।