205 ਗ੍ਰਾਮ ਕੋਕੀਨ, 2 ਕਿਲੋ ਚਰਸ, 20 ਗ੍ਰਾਮ ਆਈਸ, 22 ਗ੍ਰਾਮ ਐਲ.ਐਸ.ਡੀ. ਗੋਲੀਆਂ, 2 ਨਾਜਾਇਜ਼ ਅਸਲੇ ਤੇ 5 ਜ਼ਿੰਦਾ ਰੌਂਦ ਬਰਾਮਦ
ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਇੰਟਰਸਟੇਟ ਡਰੱਗ ਨੈੱਟਵਰਕ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਕਮਰਸ਼ੀਅਲ ਮਾਤਰਾ ਵਿੱਚ 205 ਗ੍ਰਾਮ ਕੋਕੀਨ, 2 ਕਿਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ ਐਲ ਐਸ ਡੀ (LSD) ਗੋਲੀਆਂ, 2 ਨਾਜਾਇਜ਼ ਅਸਲੇ ਅਤੇ 5 ਜ਼ਿੰਦਾ ਰੌਂਦ ਬਰਾਮਦ ਕਰਦਿਆਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਰਵਾਈ ਡੀ.ਸੀ.ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਇਨਵੈਸਟੀਗੇਸ਼ਨ) ਜਯੰਤ ਪੁਰੀ ਅਤੇ ਏ.ਸੀ.ਪੀ. ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ਼ ਜਲੰਧਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ।

ਉਨ੍ਹਾਂ ਦੱਸਿਆ ਕਿ 14.11.2025 ਨੂੰ ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਨਸ਼ਾ ਸਮੱਗਲਰਾਂ ਸਬੰਧੀ ਤਲਾਸ਼ ਮੁਹਿੰਮ ਦੌਰਾਨ ਸਰਵਿਸ ਲੇਨ ਨੇੜੇ ਮੰਦਾਕਨੀ ਫਾਰਮ, ਜੀ.ਟੀ. ਰੋਡ ਫਗਵਾੜਾ ਜਲੰਧਰ ‘ਤੇ ਮੌਜੂਦ ਸੀ। ਇਸ ਦੌਰਾਨ ਇੱਕ ਨੌਜਵਾਨ ਸਾਗਰ ਬੱਬਰ ਵਾਸੀ ਦਸ਼ਮੇਸ਼ ਨਗਰ, ਮਾਡਲ ਹਾਊਸ ਜਲੰਧਰ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਗਿਆ।
ਮੁਲਜ਼ਮ ਕੋਲੋਂ ਕੁੱਲ 200 ਗ੍ਰਾਮ ਕੋਕੀਨ, 2 ਕਿਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ ਐਲ ਐਸ ਡੀ ਗੋਲੀਆਂ ਅਤੇ 1 ਪਿਸਤੌਲ .32 ਬੋਰ ਬਰਾਮਦ ਕੀਤੇ ਗਏ । ਕਾਰਵਾਈ ਦੌਰਾਨ ਉਸਦੇ ਸਾਥੀ ਧਰਮਾਂਸ਼ੂ ਉਰਫ ਲਵ ਵਾਸੀ ਬਸਤੀ ਸ਼ੇਖ, ਜਲੰਧਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ 5 ਗ੍ਰਾਮ ਕੋਕੀਨ ਅਤੇ 1 ਰਿਵਾਲਵਰ .32 ਬੋਰ ਸਮੇਤ 5 ਜ਼ਿੰਦਾ ਰੌਂਦ ਮਿਲੇ।
ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 329 ਮਿਤੀ 14-11-2025 ਅਧੀਨ ਧਾਰਾ 21, 61, 85 ਐਨ ਡੀ ਪੀ ਐਸ ਐਕਟ ਵਾਧਾ ਜੁਰਮ 20,22,29 ਐਨ ਡੀ ਪੀ ਐਸ ਐਕਟ ਅਤੇ 25-54-59 ਆਰਮਜ਼ ਐਕਟ ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਸਾਗਰ ਬੱਬਰ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਅਤੇ ਖਰੜ (ਮੋਹਾਲੀ) ਵਿੱਚ 2 ਮੁਕੱਦਮੇ ਪਹਿਲਾਂ ਤੋਂ ਦਰਜ ਹਨ, ਜਦਕਿ ਧਰਮਾਂਸ਼ੂ ਉਰਫ ਲਵ ਖ਼ਿਲਾਫ਼ ਵੀ ਥਾਣਾ ਕੁਰਾਲੀ, ਮੋਹਾਲੀ ਵਿੱਚ ਐਨ.ਡੀ.ਪੀ.ਐਸ.ਐਕਟ ਦਾ ਮੁਕੱਦਮਾ ਦਰਜ ਹੈ।
ਗ੍ਰਿਫ਼ਤਾਰ ਮੁਲਜ਼ਮ ਪੁਲਿਸ ਰਿਮਾਂਡ ‘ਤੇ ਹਨ ਅਤੇ ਪੁੱਛਗਿੱਛ ਜਾਰੀ ਹੈ, ਤਾਂ ਜੋ ਉਨ੍ਹਾਂ ਦੇ ਫੋਰਵਰਡ ਅਤੇ ਬੈਕਵਰਡ ਲਿੰਕੇਜ਼ ਦੀ ਪੂਰੀ ਜਾਣਕਾਰੀ ਹਾਸਲ ਕਰਕੇ ਇਸ ਪੂਰੇ ਡਰੱਗ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ।














