ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਲਈ ਸੈਲਫ ਹੈਲਪ ਗਰੁੱਪਾਂ ਨੂੰ ਹੋਰ ਤਗੜਾ ਕਰਨ ਲਈ ਕਿਹਾ
ਐਸਪੀਰੇਸ਼ਨਲ ਬਲਾਕਸ ਪ੍ਰੋਗਰਾਮ ’ਚ ਜਲੰਧਰ ਦੇ ਸ਼ਾਹਕੋਟ ਬਲਾਕ ਨੂੰ ਦੇਸ਼ (ਜ਼ੋਨ II) ’ਚ ਪਹਿਲਾ ਇਨਾਮ ਹਾਸਲ ਕਰਨ ’ਤੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਮੁਬਾਰਕਬਾਦ
ਰੋਜ਼ਾਨਾ ਭਾਸਕਰ (ਜਲੰਧਰ): ਪੰਚਾਇਤੀ ਰਾਜ ਇਕਾਈਆਂ ਸਬੰਧੀ ਵਿਧਾਨ ਸਭਾ ਕਮੇਟੀ ਨੇ ਅੱਜ ਇਥੇ ਤਿੰਨ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਪੰਚਾਇਤੀ ਰਾਜ ਅਧੀਨ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪੁੱਜਦਾ ਕਰਨ ’ਤੇ ਜ਼ੋਰ ਦਿੱਤਾ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਧਾਇਕ ਪ੍ਰਿੰ. ਬੁੱਧ ਰਾਮ ਚੇਅਰਮੈਨ ਪੰਚਾਇਤੀ ਰਾਜ ਇਕਾਈਆਂ ਸਬੰਧੀ ਵਿਧਾਨ ਸਭਾ ਕਮੇਟੀ ਦੀ ਅਗਵਾਈ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਕਮੇਟੀ ਮੈਂਬਰ ਵਿਧਾਇਕ ਅਮੋਲਕ ਸਿੰਘ, ਗੁਰਲਾਲ ਘਨੌਰ, ਸੰਤੋਸ਼
ਕੁਮਾਰੀ ਕਟਾਰੀਆ ਤੇ ਸੁਖਵਿੰਦਰ ਸਿੰਘ ਕੋਟਲੀ, ਉਪ ਸਕੱਤਰ ਵਿਧਾਨ ਸਭਾ ਜਸਵਿੰਦਰ ਸਿੰਘ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਤਿੰਨੇ ਜ਼ਿਲ੍ਹਿਆਂ ਦੇ ਅਧਿਕਾਰੀ ਮੌਜੂਦ ਸਨ
ਕਮੇਟੀ ਮੈਂਬਰਾਂ ਨੇ ਜ਼ਿਲ੍ਹਾ ਵਾਰ ਪੰਚਾਇਤੀ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਜਲਦ ਤੋਂ ਜਲਦ ਛੁਡਵਾਉਣ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਜ਼ਿਲ੍ਹਿਆਂ ਵਿੱਚ ਚੱਲ ਰਹੇ ਸੈਲਫ਼ ਹੈਲਪ ਗਰੁੱਪਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਕਮੇਟੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਲਈ ਸੈਲਫ ਹੈਲਪ ਗਰੁੱਪਾਂ ਨੂੰ ਹੋਰ ਤਗੜਾ ਕੀਤਾ ਜਾਵੇ ਅਤੇ ਇਸ ਵਿੱਚ ਵੱਧ ਤੋਂ ਵੱਧ ਮਹਿਲਾਵਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।
ਚੇਅਰਮੈਨ ਨੇ ਪਿੰਡਾਂ ਵਿੱਚ ਮਗਨਰੇਗਾ ਸਕੀਮ ਤਹਿਤ ਮਜ਼ਦੂਰਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਅਤੇ ਇਸ ਕੰਮ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੇ ਨਿਰਦੇਸ਼ ਦਿੱਤੇ।
ਇਸੇ ਦੇ ਨਾਲ ਹੀ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਪ੍ਰਾਪਤ ਟੀਚੇ 30 ਅਗਸਤ 2025 ਤੱਕ ਮੁਕੰਮਲ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਸਟੇਡੀਅਮ, ਛੱਪੜਾਂ ਦੀ ਸਫਾਈ, ਲਾਇਬ੍ਰੇਰੀਆਂ ਦੇ ਨਿਰਮਾਣ, ਧਰਮਸ਼ਲਾਵਾਂ ਦੇ ਨਵੀਨੀਕਰਨ ਸਮੇਤ ਹੋਰ ਵਿਕਾਸ ਕਾਰਜਾਂ ਲਈ ਪੰਚਾਇਤਾਂ ਦੀ ਅਗਵਾਈ ਕਰਨ ਅਤੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਵਿੱਚ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਚਲਦੀਆਂ ਫੈਕਟਰੀਆਂ ਦੇ ਟ੍ਰੀਟਮੈਂਟ ਪਲਾਂਟਾਂ ਦੀ ਜਾਂਚ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਚੈਕਿੰਗ ਕਰਨ ਦੀ ਵੀ ਹਦਾਇਤ ਕੀਤੀ।
ਨੀਤੀ ਆਯੋਗ ਦੇ ਐਸਪੀਰੇਸ਼ਨਲ ਬਲਾਕਸ ਪ੍ਰੋਗਰਾਮ ਵਿੱਚ ਜਲੰਧਰ ਦੇ ਸ਼ਾਹਕੋਟ ਬਲਾਕ ਨੂੰ ਦੇਸ਼ (ਜ਼ੋਨ II) ਵਿੱਚ ਪਹਿਲਾ ਇਨਾਮ ਹਾਸਲ ਕਰਨ ’ਤੇ ਪ੍ਰਿੰ. ਬੁੱਧ ਰਾਮ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰਨਾਂ ਬਲਾਕਾਂ ਨੂੰ ਵੀ ਅਜਿਹਾ ਮੁਕਾਮ ਹਾਸਲ ਕਰਨ ਲਈ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਿੰਡਾਂ ਵਿੱਚ ਮਾਡਲ ਖੇਡ ਮੈਦਾਨ, ਪਾਰਕਾਂ ਦੇ ਨਿਰਮਾਣ ਸਮੇਤ ਪਿੰਡਾਂ ਦੀ ਸਾਫ-ਸਫਾਈ ਦੇ ਕੰਮ ਲਗਾਤਾਰ ਜਾਰੀ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਹੁਸ਼ਿਆਰਪੁਰ ਨਿਕਾਸ ਕੁਮਾਰ, ਐਸ.ਡੀ.ਐਮ. ਆਦਮਪੁਰ ਵਿਵੇਕ ਕੁਮਾਰ ਮੋਦੀ (ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ,
ਦਿਹਾਤੀ ਵਿਕਾਸ) ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਨੋਦ ਗਾਗਟ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।