ਬਿਹਤਰ ਤਾਲਮੇਲ ਤੇ ਨਿਗਰਾਨੀ ਲਈ ਐਸ.ਡੀ.ਐਮ. ਆਦਮਪੁਰ ਨੋਡਲ ਅਫ਼ਸਰ ਨਿਯੁਕਤ
रोजाना भास्कर, ਜਲੰਧਰ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅਗਨੀਵੀਰ ਵਾਯੂ ਇਨਟੇਕ-01/2026 ਲਈ ਜਲੰਧਰ ਵਿਖੇ 24 ਅਗਸਤ ਤੋਂ 6 ਸਤੰਬਰ 2025 ਤੱਕ ਹੋਣ ਵਾਲੀ ਭਰਤੀ ਰੈਲੀ ਲਈ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਾਲ-ਨਾਲ ਲੋੜੀਂਦੀ ਸਹਾਇਤਾ ਤੇ ਸਹਿਯੋਗ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਡਾ. ਅਗਰਵਾਲ ਨੇ ਦੱਸਿਆ ਕਿ 1 ਏਅਰਮੈੱਨ ਚੋਣ ਕੇਂਦਰ ਅੰਬਾਲਾ ਵੱਲੋਂ ਇਹ ਭਰਤੀ ਰੈਲੀ ਸਥਾਨਕ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਅਤੇ ਸੁਚਾਰੂ ਸੰਚਾਲਨ ਲਈ ਕਾਲਜ ਵਿਖੇ ਸਟੇਡੀਅਮ ਦੇ ਨਾਲ-ਨਾਲ ਇਨਡੋਰ ਸਹੂਲਤਾਂ 20 ਅਗਸਤ ਤੋਂ 8 ਸਤੰਬਰ 2025 ਤੱਕ ਮੁਹੱਈਆ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਵੱਲੋਂ ਭਰਤੀ ਰੈਲੀ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਿਹਤਰ ਤਾਲਮੇਲ ਤੇ ਨਿਗਰਾਨੀ ਲਈ ਐਸ.ਡੀ.ਐਮ. ਆਦਮਪੁਰ ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਭਰਤੀ ਰੈਲੀ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਤਾਲਮੇਲ ਤੇ ਸਹਿਯੋਗ ਪ੍ਰਦਾਨ ਕਰਨ ਦੀਆਂ ਹਦਾਇਤਾਂ ਕੀਤੀਆਂ।