ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੇ ਵਿਦਿਆਰਥੀਆਂ ਨੇ ਐਸਐਸਪੀ ਦਫ਼ਤਰ, ਜਲੰਧਰ ਦਿਹਾਤੀ ਦਾ ਵਿਜ਼ਿਟ ਕੀਤਾ

रोजाना भास्कर (ਜਲੰਧਰ): ਐੱਸ.ਐੱਸ.ਪੀ ਜਲੰਧਰ ਦਿਹਾਤੀ ਸ.ਹਰਵਿੰਦਰ ਸਿੰਘ ਵਿਰਕ ਜਿਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਚੰਗੀ ਪੁਲਿਸਿੰਗ ਨਾਲ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਉਦੇਸ਼ ਨਾਲ ਸਮੇਂ–ਸਮੇਂ ‘ਤੇ ਵੱਖ-ਵੱਖ ਸਿੱਖਿਆਵਾਂਤਮਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਕੜੀ ਵਿੱਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੇ ਦਸਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਐਸਐਸਪੀ ਦਫ਼ਤਰ, ਜਲੰਧਰ ਦਿਹਾਤੀ ਦਾ ਵਿਜ਼ਿਟ ਕੀਤਾ।

ਇਸ ਮੌਕੇ ਵਿਦਿਆਰਥੀਆਂ ਨੂੰ ਐਸਪੀ (ਇਨਵੈਸਟੀਗੇਸ਼ਨ) ਸ਼੍ਰੀ ਸਰਬਜੀਤ ਰਾਏ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਚੰਗੀ ਪੁਲਿਸਿੰਗ ਦਾ ਅਰਥ ਸਿਰਫ਼ ਅਪਰਾਧਾਂ ਨਾਲ ਲੜਨਾ ਹੀ ਨਹੀਂ, ਸਗੋਂ ਲੋਕਾਂ ਦੇ ਮਨਾਂ ਵਿੱਚ ਸੁਰੱਖਿਆ, ਭਰੋਸੇ ਅਤੇ ਸੇਵਾ ਦੀ ਭਾਵਨਾ ਪੈਦਾ ਕਰਨਾ ਵੀ ਹੈ।

ਸ਼੍ਰੀ ਸਰਬਜੀਤ ਰਾਏ ਨੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਸੱਚਾਈ, ਅਨੁਸ਼ਾਸਨ, ਮੇਹਨਤ ਅਤੇ ਇਮਾਨਦਾਰੀ ਦੇ ਰਾਹ ‘ਤੇ ਚੱਲ ਕੇ ਆਪਣੇ ਭਵਿੱਖ ਨੂੰ ਸੁਨਿਹਰਾ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾ, ਖੇਡਾਂ ਅਤੇ ਪੜ੍ਹਾਈ ‘ਤੇ ਧਿਆਨ ਦੇਣਾ ਹੀ ਕਾਮਯਾਬ ਜੀਵਨ ਦੀ ਕੁੰਜੀ ਹੈ।

ਇਸ ਦੌਰਾਨ ਵਿਦਿਆਰਥੀਆਂ ਨੇ ਪੁਲਿਸ ਦੇ ਵੱਖ-ਵੱਖ ਵਿਭਾਗਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਆਪਣੇ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਜਵਾਬ ਐਸਪੀ ਵੱਲੋਂ ਧੀਰਜ ਨਾਲ ਦਿੱਤੇ ਗਏ। ਵਿਦਿਆਰਥੀਆਂ ਨੇ ਖਾਸ ਤੌਰ ‘ਤੇ ਕਿਹਾ ਕਿ ਇਹ ਵਿਜ਼ਿਟ ਉਨ੍ਹਾਂ ਲਈ ਬਹੁਤ ਲਾਭਦਾਇਕ ਅਤੇ ਯਾਦਗਾਰ ਰਿਹਾ।

ਆਖ਼ਰ ਵਿੱਚ, ਐਸਪੀ ਸਰਬਜੀਤ ਰਾਏ ਨੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਸਦਾ ਦੇਸ਼-ਭਗਤੀ ਅਤੇ ਸਮਾਜ-ਸੇਵਾ ਦੀ ਰਾਹ ‘ਤੇ ਤੁਰਨ ਲਈ ਪ੍ਰੇਰਿਤ ਕੀਤਾ।

ਜਲੰਧਰ ਦਿਹਾਤੀ ਪੁਲਿਸ ਵੱਲੋਂ ਇਸ ਤਰ੍ਹਾਂ ਦੀਆਂ ਸਰਗਰਮੀਆਂ ਭਵਿੱਖ ਵਿੱਚ ਵੀ ਜਾਰੀ ਰੱਖਣ ਦਾ ਭਰੋਸਾ ਦਿਵਾਇਆ ਗਿਆ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਚੰਗੀਆਂ ਸੋਚਾਂ ਅਤੇ ਸਕਾਰਾਤਮਕ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਸਕੇ।