ਭਾਰਤ ਪੈਟਰਲੀਅਮ ਮੁੰਬਈ ਨੇ ਆਰਮੀ ਇਲੈਵਨ ਦਿੱਲੀ ਨੂੰ ਪੈਨਲਟੀ ਸ਼ੂਟ ਆਊਟ ਵਿੱਚ 4-1 ਨਾਲ ਹਰਾਇਆ
ਇੰਡੀਅਨ ਆਇਲ ਮੁੰਬਈ ਨੇ ਪੰਜਾਬ ਪੁਲਿਸ ਜਲੰਧਰ ਨੂੰ ਪੈਨਲਟੀ ਸ਼ੂਟ ਆਊਟ ਵਿਚ 8-7 ਨਾਲ ਹਰਾਇਆ
ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਇੰਡੀਅਨ ਆਇਲ ਮੁੰਬਈ ਅਤੇ ਭਾਰਤ ਪੈਟਰਲੀਅਮ ਮੁੰਬਈ ਦੀਆਂ ਟੀਮਾਂ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਗਈਆਂ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਟੂਰਨਾਮੈਂਟ ਦੇ ਦੋ ਕਵਾਰਟਰ ਫਾਇਨਲ ਮੁਕਾਬਲੇ ਖੇਡੇ ਗਏ। 31 ਅਕਤੂਬਰ ਨੂੰ ਪਹਿਲੇ ਸੈਮੀਫਾਇਨਲ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ੀੲਂਡੀਅਨ ਨੇਵੀ ਮੁੰਬਈ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ। ਜਦਕਿ ਦੂਜੇ ਸੈਮੀਫਾਇਨਲ ਵਿੱਚ ਭਾਰਤ ਪੈਟਰੋਲੀਅਮ ਮੁੰਬਈ ਦਾ ਮੁਕਾਬਲਾ ਇੰਡੀਅਨ ਆਇਲ ਮੁੰਬਈ ਨਾਲ ਹੋਵੇਗਾ।
ਪਹਿਲਾ ਕਵਾਰਟਰ ਫਾਇਨਲ ਭਾਰਤ ਪੈਟਰੋਲੀਅਮ ਮੁੰਬਈ ਅਤੇ ਆਰਮੀ ਇਲੈਵਨ ਦਿੱਲੀ ਦਰਮਿਆਨ ਖੇਡਿਆ ਗਿਆ। ਅੱਧੇ ਸਮੇਂ ਤੱਕ ਦੋਵੇਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰ ਸਨ। ਅੱਧੇ ਸਮੇਂ ਤੋਂ ਬਾਅਦ ਚੌਥੇ ਕਵਾਰਟਰ ਦੇ 48ਵੇਂ ਮਿੰਟ ਵਿੱਚ ਆਰਮੀ ਦੇ ਆਤਿਸ਼ ਦੋਦਰੀ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। 50ਵੇਂ ਮਿੰਟ ਵਿੱਚ ਭਾਰਤ ਪੈਟਰੋਲੀਅਮ ਦੇ ਸ਼ਾਹਰੁਖ ਅਲੀ ਨੇ ਮੈਦਾਨੀ ਗੋਲ ਕਰਕੇ ਸਕੋਰ 1-1 ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਰਹੀਆਂ। ਪੈਨਲਟੀ ਸ਼ੂਟ ਆਊਟ ਵਿੱਚ ਭਾਰਤ ਪੈਟਰੋਲੀਅਮ ਮੁੰਬਈ ਨੇ 3-0 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ।

ਦੂਜਾ ਕਵਾਰਟਰ ਫਾਇਨਲ ਮੁਕਾਬਲਾ ਪੰਜਾਬ ਪੁਲਿਸ ਜਲੰਧਰ ਅਤੇ ਪਿਛਲੇ ਸਾਲ ਦੀ ਜੇਤੂ ਇੰਡੀਅਨ ਆਇਲ ਮੁੰਬਈ ਦਰਮਿਆਨ ਖੇਡਿਆ ਗਿਆ। ਖੇਡ ਦੇ ਦੂਜੇ ਮਿੰਟ ਵਿੱਚ ਅਤੇ ਸੱਤਵੇਂ ਮਿੰਟ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ ਨੇ ਦੋਵੇਂ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲ ਕੇ ਪੰਜਾਬ ਪੁਲਿਸ ਨੂੰ 2-0 ਨਾਲ ਅੱਗੇ ਕਰ ਦਿੱਤਾ। ਅੱਧੇ ਸਮੇਂ ਤੱਕ ਪੰਜਾਬ ਪੁਲਿਸ 2-0 ਨਾਲ ਅੱਗੇ ਸੀ।

ਖੇਡ ਦੇ 31ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਸੁਨੀਲ ਯਾਦਵ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-2 ਕੀਤਾ। ਖੇਡ ਦੇ 35ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-2 ਕੀਤਾ। ਖੇਡ ਦੇ 50ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-2 ਕੀਤਾ। 52ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 3-3 ਕਰਕੇ ਆਪਣੀ ਹੈਟ੍ਰਿਕ ਬਣਾਈ। ਖੇਡ ਦੇ ਅਗਲੇ ਹੀ ਮਿੰਟ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਗੋਲ ਕਰਕੇ ਸਕੋਰ 4-3 ਕੀਤਾ। ਖੇਡ ਦੇ ਆਖਰੀ ਮਿੰਟ ਵਿੱਚ ਉਲੰਪੀਅਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 4-4 ਕਰਕੇ ਮੈਚ ਬਰਾਬਰੀ ਤੇ ਲੈ ਆਂਦਾ। ਪੈਨਲਟੀ ਸ਼ੂਟ ਆਊਟ ਵਿੱਚ ਇੰਡੀਅਨ ਆਇਲ ਮੁੰਬਈ ਨੇ ਪੰਜਾਬ ਪੁਲਿਸ ਜਲੰਧਰ ਨੂੰ 4-3 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਰਮਣੀਕ ਸਿੰਘ ਰੰਧਾਵਾ ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ, ਸਰਬਜੀਤ ਸਿੰਘ ਸਮਰਾ (ਐਮਡੀ ਕੈਪੀਟਲ ਲੋਕਲ ਏਰੀਆ ਬੈਂਕ), ਪ੍ਰਵੀਨ ਸਚਦੇਵਾ (ਇੰਡੀਅਨ ਆਇਲ), ਬਲਬੀਰ ਰਾਜ ਪੀਸੀਐਸ ਆਰਟੀਏ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਐਲ ਆਰ ਨਈਅਰ, ਕੁਲਵਿੰਦਰ ਥਿਆੜਾ, ਨਿਤਨ ਮਹਜਨ (ਅਲਫਾ), ਬਲਵਿੰਦਰ ਸਿੰਘ, ਕਰਨਦੀਪ ਸਿੰਘ, ਦਲਜੀਤ ਸਿੰਘ ਆਈਆਰਐਸ, ਗੁਨਦੀਪ ਸਿੰਘ ਕਪੂਰ, ਜਤਿਨ ਮਹਾਜਨ (ਅਲਫਾ) ਆਤਮ ਪ੍ਰਕਾਸ਼ ਬਬਲੂ, ਸੁਖਵਿੰਦਰ ਸਿੰਘ ਚੋਹਲਾ, ਵਰਿੰਦਰਪ੍ਰੀਤ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਗੌਰਵ ਅਗਰਵਾਲ, ਬਲਜੀਤ ਸਿੰਘ ਉਲੰਪੀਅਨ ਸੁਰਜੀਤ ਸਿੰਘ ਦੇ ਵੱਡੇ ਭਰਾ, ਹਰਿੰਦਰ ਸੰਘਾ, ਗੁਰਿੰਦਰ ਸੰਘਾ, ਰਣਬੀਰ ਟੁੱਟ, ਨਰਿੰਦਰ ਪਾਲ ਸਿੰਘ ਜੱਜ, ਨੱਥਾ ਸਿੰਘ ਗਾਖਲ, ਗੌਰਵ ਮਹਾਜਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
31 ਅਕਤੂਬਰ ਦੇ ਮੈਚ– ਸੈਮੀ ਫਾਇਨਲ
ਇੰਡੀਅਨ ਨੇਵੀ ਮੁੰਬਈ ਬਨਾਮ ਭਾਰਤੀ ਰੇਲਵੇ ਦਿੱਲੀ – 5-30 ਵਜੇ
ਭਾਰਤ ਪੈਟਰੋਲੀਅਮ ਮੁੰਬਈ ਬਨਾਮ ਇੰਡੀਅਨ ਆਇਲ ਮੁੰਬਈ – 7-00 ਵਜੇ














