ਨਿਵੇਕਲੀ ਪਹਿਲ ; ਡਿਪਟੀ ਕਮਿਸ਼ਨਰ ਸਮੇਤ ਸੀਨੀਅਰ ਅਧਿਕਾਰੀਆਂ ਨੇ ‘ਪੰਜਾਬ ਸੜਕ ਸਫਾਈ ਮਿਸ਼ਨ’ ਤਹਿਤ 10 ਕਿਲੋਮੀਟਰ ਤੱਕ ਦੀਆਂ 51 ਸੜਕਾਂ ਕੀਤੀਆਂ ਅਡਾਪਟ

ਪਹਿਲਕਦਮੀ ਦਾ ਉਦੇਸ਼ ਜਲੰਧਰ ਭਰ ’ਚ ਸਫਾਈ ਸਮੇਤ ਸੜਕਾਂ ਨੂੰ ਬੇਹਤਰ ਬਣਾਉਣਾ, ਪਹਿਲੇ ਪੜਾਅ ’ਚ 500 ਕਿਲੋਮੀਟਰ ਸੜਕੀ ਹਿੱਸੇ ਨੂੰ ਕੀਤਾ ਗਿਆ ਅਡਾਪਟ

रोजाना भास्कर, ਜਲੰਧਰ। ਸਾਫ਼-ਸੁਥਰੀਆਂ ਅਤੇ ਮਿਆਰੀ ਸੜਕਾਂ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਣ ਨਿਵੇਕਲੀ ਪਹਿਲ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਸਮੇਤ ‘ਪੰਜਾਬ ਸੜਕ ਸਫਾਈ ਮਿਸ਼ਨ’ ਤਹਿਤ 10 ਕਿਲੋਮੀਟਰ ਤੱਕ ਦੀਆਂ 51 ਸੜਕਾਂ ਨੂੰ ਅਡਾਪਟ ਕੀਤਾ ਗਿਆ ਹੈ, ਜਿਸਦਾ ਉਦੇਸ਼ ਜ਼ਿਲ੍ਹੇ ਭਰ ਵਿੱਚ ਸੜਕਾਂ ਦੀ ਸਥਿਤੀ ਨੂੰ ਬਿਹਤਰ ਬਣਾਉਣਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਜਲੰਧਰ-ਫਗਵਾੜਾ ਸੜਕ (ਜਲੰਧਰ ਦੀ ਹੱਦ ਤੱਕ) ਅਡਾਪਟ ਕੀਤੀ ਗਈ ਹੈ, ਜਿਸ ਦਾ ਉਹ ਵਿਅਕਤੀਗਤ ਤੌਰ ’ਤੇ ਧਿਆਨ ਰੱਖਣਗੇ।

ਇਸ ਉਪਰਾਲੇ ਤਹਿਤ ਉਨ੍ਹਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਬਲੈਕ ਸਪਾਟਸ, ਇੰਜੀਨੀਅਰਿੰਗ ਦੇ ਨੁਕਸਾਂ ਨੂੰ ਦੂਰ ਕਰਨ, ਨਗਰ ਨਿਗਮ ਅਤੇ ਕੌਮੀ ਹਾਈਵੇ ਅਥਾਰਟੀ ਰਾਹੀਂ ਸੜਕਾਂ ਦੀ ਸਫਾਈ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।

ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਇਸ ਮਿਸ਼ਨ ਤਹਿਤ 10-10 ਕਿਲੋਮੀਟਰ ਦੇ ਸੜਕੀ ਹਿੱਸੇ ਅਡਾਪਟ ਕੀਤੇ ਗਏ ਹਨ।

   ਡਾ. ਅਗਰਵਾਲ ਨੇ ਇਸ ਸਬੰਧੀ ਕੀਤੀ ਮੀਟਿੰਗ ਦੌਰਾਨ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਿਸ਼ਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਰਾਜਾਂ ਵਿੱਚੋਂ ਇੱਕ ਬਣਾਉਣ ਦੇ ਨਜ਼ਰੀਏ ਤੋਂ ਪ੍ਰੇਰਿਤ ਹੈ।

ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ 10 ਕਿਲੋਮੀਟਰ ਤੱਕ ਦੇ ਖੇਤਰਾਂ ਲਈ ਅਧਿਕਾਰੀਆਂ ਨੂੰ ਸਿੱਧੀ ਜ਼ਿੰਮੇਵਾਰੀ ਸੌਂਪ ਕੇ ਸੜਕ ਦੀ ਸਫਾਈ ਅਤੇ ਨਾਗਰਿਕ ਬੁਨਿਆਦੀ ਢਾਂਚੇ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣਾ ਹੈ।

   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਮਨੋਨੀਤ ਅਧਿਕਾਰੀ ਆਪਣੇ ਨਿਰਧਾਰਤ ਸੜਕੀ ਹਿੱਸੇ ਦੀ ਦੇਖਭਾਲ ਦੀ ਵਿਅਕਤੀਗਤ ਜ਼ਿੰਮੇਵਾਰੀ ਲਵੇਗਾ, ਜਿਸ ਵਿੱਚ ਰੋਜ਼ਾਨਾ ਨਿਰੀਖਣ, ਸਮੇਂ ਸਿਰ ਟੋਇਆਂ ਦੀ ਮੁਰੰਮਤ, ਸਪਸ਼ਟ ਰੋਡ ਮਾਰਕਿੰਗ, ਫੁੱਟਪਾਥਾਂ ਦਾ ਰਖ-ਰਖਾਅ, ਕਾਰਜਸ਼ੀਲ ਸਟ੍ਰੀਟ ਲਾਈਟਾਂ, ਕੂੜੇ ਨੂੰ ਨਿਯਮਿਤ ਤੌਰ ‘ਤੇ ਚੁਕਵਾਉਣਾ ਸਮੇਤ ਸਮੁੱਚੀ ਸਾਫ-ਸਫਾਈ ਸ਼ਾਮਲ ਹੋਵੇਗੀ।

    ਡਾ. ਅਗਰਵਾਲ ਨੇ ਕਿਹਾ ਕਿ ਅਧਿਕਾਰੀ ਨਿਰੀਖਣ ਦੌਰਾਨ ਪਾਈਆਂ ਗਈਆਂ ਸਮੱਸਿਆਵਾਂ ‘ਤੇ ਫੌਰੀ ਕਾਰਵਾਈ ਲਈ ਸ਼ਹਿਰੀ ਸਥਾਨਕ ਸਰਕਾਰਾਂ ਜਾਂ ਸਬੰਧਤ ਵਿਭਾਗਾਂ ਜਿਵੇਂ ਕਿ ਲੋਕ ਨਿਰਮਾਣ ਵਿਭਾਗ ਨੂੰ ਤੁਰੰਤ ਸੂਚਿਤ ਕਰਨਗੇ।

ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਤੋਂ ਇਹ ਵੀ ਆਸ ਕੀਤੀ ਜਾਂਦੀ ਹੈ ਉਹ ਵਾਰ-ਵਾਰ ਹੋਣ ਵਾਲੀਆਂ ਸਮੱਸਿਆਵਾਂ ਦੇ ਮੂਲ ਕਾਰਨਾਂ ਦਾ ਵਿਸ਼ਲੇਸ਼ਣ ਕਰਨਗੇ ਅਤੇ ਸਥਾਈ ਹੱਲ ਨੂੰ ਯਕੀਨੀ ਬਣਾਉਣ ਲਈ ਰੋਕਥਾਮ ਸਬੰਧੀ ਉਪਾਅ ਸੁਝਾਉਣਗੇ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਪੱਸ਼ਟ ਅਤੇ ਪ੍ਰਤੱਖ ਜਵਾਬਦੇਹੀ ਸਮੇਂ ਸਿਰ ਕਾਰਵਾਈ ਅਤੇ ਲੋਕਾਂ ਦੀ ਸਹੂਲਤ ਲਈ ਸੜਕੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ।

  ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਇਸ ਮਿਸ਼ਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਅਤੇ ਆਪਣੇ ਨਿਰਧਾਰਿਤ ਸੜਕੀ ਹਿੱਸਿਆਂ ‘ਤੇ ਢੁੱਕਵੀਂ ਨਿਗਰਾਨੀ, ਰਿਪੋਰਟਿੰਗ ਅਤੇ ਹੱਲ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਅਧਿਕਾਰੀ ਵੀ ਰੋਡ ਅਡਾਪਟ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ 10-10 ਕਿਲੋਮੀਟਰ ਤੱਕ ਦੇ ਸੜਕੀ ਹਿੱਸਿਆਂ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਨਾਲ ਜਲੰਧਰ ਵਿੱਚ ਸਾਫ਼-ਸੁਥਰੀਆਂ ਅਤੇ ਸੁਰੱਖਿਅਤ ਸੜਕਾਂ ਲਈ ਯੋਜਨਾਬੱਧ ਅਤੇ ਨਿਰੰਤਰ ਯਤਨ ਯਕੀਨੀ ਬਣ ਸਕਣ।

   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਮੁੱਖ ਮੰਤਰੀ ਫੀਲਡ ਅਫ਼ਸਰ ਮੁਕੀਲਨ ਆਰ, ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਬਲਬੀਰ ਰਾਜ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਭੋਗਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।