ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੱਛਰਾਂ ਨੂੰ ਫੈਲਣ ਤੋਂ ਰੋਕਣ ਲਈ ਕੌਂਸਲਰਾਂ ਨੂੰ 32 ਨਵੀਆਂ ਫੌਗਿੰਗ ਮਸ਼ੀਨਾਂ ਸੌਂਪੀਆਂ

ਸ਼ਹਿਰ ‘ਚ ਡੇਂਗੂ ਵਿਰੋਧੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ‘ਬੀਇੰਗ ਹਿਊਮਨ ਫਾਊਂਡੇਸ਼ਨ’ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ

ਜਲੰਧਰ,  ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਪੰਜਾਬ ਦੇ ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਅੱਜ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਕੌਂਸਲਰਾਂ ਨੂੰ ਬਸਤੀ ਨੌ ਦਫਤਰ ਵਿਖੇ 32 ਨਵੀਆਂ ਫੌਗਿੰਗ ਮਸ਼ੀਨਾਂ ਦੀ ਵੰਡ ਕੀਤੀ ਗਈ।

  ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਇਹ ਨਵੇਂ ਫੌਗਿੰਗ ਯੂਨਿਟ ਸ਼ਹਿਰ ਵਿੱਚ ਖਾਸ ਕਰਕੇ ਮਾਨਸੂਨ ਤੋਂ ਬਾਅਦ ਮੱਛਰਾਂ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨਗੇ।

ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਆਲੇ-ਦੁਆਲੇ ਨੂੰ ਸਾਫ਼ ਰੱਖਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

  ਕੈਬਨਿਟ ਮੰਤਰੀ ਵਲੋਂ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ‘ਬੀਇੰਗ ਹਿਊਮਨ ਫਾਊਂਡੇਸ਼ਨ’ ਵਲੋਂ ਇਹ ਫੌਗਿੰਗ ਮਸ਼ੀਨਾਂ ਦਾਨ ਕਰਨ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਵਿਸ਼ੇਸ਼ ਪਹਿਲਕਦਮੀ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਮਿਲ ਕੇ ਕੰਮ ਕਰਨ ਦੀ ਲਾਮਿਸਾਲ ਉਦਾਹਰਣ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਸੰਜੀਦਾ ਤੇ ਸਾਂਝੇ ਯਤਨ ਨਾਗਰਿਕ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹਨ।

  ਜ਼ਿਕਰਯੋਗ ਹੈ ਕਿ ਇਹਨਾਂ ਫੌਗਿੰਗ ਮਸ਼ੀਨਾਂ ਨੂੰ ਅਸਰਦਾਰਢੰਗ ਨਾਲ ਕੀੜੇ-ਮਕੌੜਿਆਂ ਨੂੰ ਵੱਡੇ ਪੱਧਰ ਉਤੇ ਫੈਲਣ ਤੋਂ ਰੋਕਣ ਅਤੇ ਮੱਛਰਾਂ ਨੂੰ ਖ਼ਤਮ ਕਰਨ ਅਤੇ ਉਹਨਾਂ ਦੇ ਪ੍ਰਜਣਨ ਸਰਕਲ ਨੂੰ ਤੋੜਨ ਵਿੱਚ ਸਹਾਇਤਾ ਕਰਨ ਲਈ ਕਾਮਯਾਬ ਸਿੱਧ ਹੁੰਦੇ ਹਨ।

  ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੀ ਨਾਗਰਿਕਾਂ ਦੀ ਸਿਹਤ ਪਖੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਮੱਛਰ ਵਿਰੋਧੀ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ-ਨਾਲ ਕਿਤੇ ਵੀ ਬਦਬੂਦਾਰ ਪਾਣੀ ਇਕੱਤਰ ਨਾ ਹੋਣ ਦਿੱਤਾ ਜਾਵੇ।

ਇਸ ਮੌਕੇ ਕੌਂਸਲਰਾਂ ਵਲੋਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਵਲੋਂ ਉਹਨਾਂ ਦੇ ਵਾਰਡਾਂ ਲਈ 32 ਨਵੀਆਂ ਮਸ਼ੀਨਾਂ ਦਿਵਾਉਣ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਜੋ ਕਿ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨਗੀਆਂ।

  ਇਸ ਮੌਕੇ ਹੋਰਨਾਂ ਤੋਂ ਇਲਾਵਾ ਅਤੁੱਲ ਭਗਤ, ਕੁਲਦੀਪ ਭਗਤ, ਸੰਜੀਵ ਭਗਤ, ਰਾਜ ਕੁਮਾਰ ਰਾਜੂ, ਬਲਵਿੰਦਰ ਕੁਮਾਰ, ਹਰਜਿੰਦਰ ਲੱਡਾ, ਓਂਕਾਰ ਰਾਜੀਵ ਟਿੱਕਾ, ਸੁਦੇਸ਼ ਭਗਤ, ਮਾਨ ਭਗਤ, ਕਮਲ ਲੋਚ, ਸੰਦੀਪ ਵਰਮਾ, ਗੁਰਨਾਮ ਸਿੰਘ, ਰਾਕੇਸ਼ ਰਾਣਾ, ਨਵੀਨ ਸੋਨੀ, ਗੌਰਵ ਜੋਸ਼ੀ, ਸੁਭਾਸ਼ ਗੌਰੀਆ, ਰੌਮੀ ਵਧਵਾ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।