ਜਲੰਧਰ: ਸਿੱਖ ਨੌਜਵਾਨ ਵੱਲੋਂ ਆਪਣੀ ਗੱਡੀ ਉੱਤੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲਗਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੇ ਗਏ ਅੰਨੇ ਤਸ਼ੱਦਦ ਦੀ ਸਿੱਖ ਸੰਘਰਸ਼ ਕਮੇਟੀ ਨੇ ਸਖ਼ਤ ਨਿੰਦਾ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਜਲੰਧਰ ਸਿੱਖ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿੱਕੀ ਸਿੰਘ ਖਾਲਸਾ ਨੇ ਦੱਸਿਆ ਕਿ ਲੁਧਿਆਣਾ ਘੰਟਾ ਘਰ ਦੇ ਨੇੜੇ ਇੱਕ ਸਿੱਖ ਨੌਜਵਾਨ ਰਣਜੀਤ ਸਿੰਘ ਦੀ ਕਾਰ ਕਿਸੇ ਹੋਰ ਗੱਡੀ ਨਾਲ ਟਕਰਾ ਗਈ, ਜਿਸ ਤੋਂ ਬਾਅਦ ਦੂਜੇ ਪੱਖ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਵੱਲੋਂ ਨੌਜਵਾਨ ਦੀ ਕਾਰ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਹੋਣ ਕਾਰਨ ਉਸ ਨੂੰ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਗਏ।
ਵਿੱਕੀ ਸਿੰਘ ਖਾਲਸਾ ਨੇ ਕਿਹਾ ਕਿ ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਕੁਝ ਲੋਕਾਂ ਦੇ ਮਨਾਂ ਵਿੱਚ ਸਿੱਖਾਂ ਪ੍ਰਤੀ ਕਿੰਨਾ ਜ਼ਹਿਰ ਭਰਿਆ ਹੋਇਆ ਹੈ ਅਤੇ ਪੁਲਿਸ ਨੇ ਆਪਣੀ ਹੱਦ ਤੋਂ ਬਾਹਰ ਜਾ ਕੇ ਅਨਮਨੁੱਖੀ ਵਿਵਹਾਰ ਕੀਤਾ। ਉਨ੍ਹਾਂ ਸਵਾਲ ਉਠਾਇਆ ਕਿ ਪੁਲਿਸ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ ਕਿ ਕੇਵਲ ਇੱਕ ਕੌਮੀ ਸ਼ਹੀਦ ਦੀ ਫੋਟੋ ਲਗਾਉਣ ਕਰਕੇ ਕਿਸੇ ਨੌਜਵਾਨ ਨਾਲ ਐਸਾ ਤਸ਼ੱਦਦ ਕੀਤਾ ਜਾਵੇ, ਜਿਸ ਨਾਲ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਡੀਐਸਪੀ ਗੌਰਵ ਯਾਦਵ ਤੋਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 20ਵੀਂ ਸਦੀ ਦੇ ਮਹਾਨ ਯੋਧੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਅਤੇ ਰੋਲ ਮਾਡਲ ਹਨ ਅਤੇ ਜੇ ਪੰਜਾਬ ਵਿੱਚ ਇਸ ਤਰ੍ਹਾਂ ਦਾ ਵਤੀਰਾ ਜਾਰੀ ਰਿਹਾ ਤਾਂ ਨੌਜਵਾਨ ਇਸਨੂੰ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਸਿੱਖ ਸਮਾਜ ਵਿੱਚ ਹੋਰ ਰੋਹ ਪੈਦਾ ਕਰਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖ ਸੰਘਰਸ਼ ਕਮੇਟੀ ਦੇ ਸੁਰਜੀਤ ਸਿੰਘ ਮੁਸਾਫਿਰ, ਪਰਮਜੀਤ ਸਿੰਘ, ਸੁਖਦੇਵ ਸਿੰਘ ਪਰਮਾਰ, ਗੁਰਨਾਮ ਸਿੰਘ, ਗੁਰਮੇਲ ਸਿੰਘ ਗੋਗੀ, ਸੋਨੂ ਫਿਰੋਜ਼ਪੁਰੀਆ, ਸ਼ੈਂਪੀ ਲੰਬਰਦਾਰ, ਨਵਜੋਤ ਸਿੰਘ ਚਿੰਟੂ ਆਦਿ ਹਾਜ਼ਰ ਸਨ।













