ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਜਲੰਧਰ ਸ਼ਹਿਰ ਕਮਿਸ਼ਨਰੇਟ ਪੁਲਿਸ ਨਵੇਂ ਸਾਲ 2026 ਦਾ ਸਵਾਗਤ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਯਕੀਨੀ ਬਣਾਉਣ ਦੇ ਪੱਕੇ ਇਰਾਦੇ ਨਾਲ ਕਰ ਰਹੀ ਹੈ। 31 ਦਸੰਬਰ 2025 ਦੀ ਰਾਤ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ, ਕਮਿਸ਼ਨਰ ਆਫ਼ ਪੁਲਿਸ, ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਸੁਰੱਖਿਆ ਪ੍ਰਬੰਧਾਂ ਤਹਿਤ ਸ਼ਹਿਰ ਦੇ ਦਾਖ਼ਲੀ ਮਾਰਗਾਂ ’ਤੇ 10 ਨਾਕੇ ਅਤੇ ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿੱਚ 16 ਨਾਕੇ ਅਤੇ ਚੈਕ ਪੋਸਟਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦੀ ਡਿਊਟੀ ਐਸ.ਐਚ.ਓਜ਼ ਅਤੇ ਜੀ.ਓਜ਼ ਵੱਲੋਂ ਨਿਭਾਈ ਜਾਵੇਗੀ।
ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਜਸ਼ਨਾਂ ਨੂੰ ਸ਼ਾਂਤੀਪੂਰਨ ਬਣਾਉਣ ਲਈ 14 ਜੀ.ਓਜ਼ ਫੀਲਡ ਵਿੱਚ ਤਾਇਨਾਤ ਰਹਿਣਗੇ।
ਸ਼ਹਿਰ ਵਿੱਚ 33 ਪੀ.ਸੀ.ਆਰ. ਵਾਹਨ ਤਾਇਨਾਤ ਕੀਤੇ ਗਏ ਹਨ। ਟ੍ਰੈਫਿਕ ਸਟਾਫ਼ ਵੱਲੋਂ ਐਲਕੋਮੀਟਰ ਦੀ ਵਰਤੋਂ ਕਰਕੇ ਨਸ਼ੇ ਵਿੱਚ ਵਾਹਨ ਚਲਾਉਣ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਸੜਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਸਾਰੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਦੁਕਾਨਾਂ ਰਾਤ 1 ਵਜੇ ਤੱਕ ਹੀ ਖੁੱਲ੍ਹੀਆਂ ਰਹਿਣਗੀਆਂ ਅਤੇ ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਵਪਾਰਕ ਕਾਰਜ ਨਹੀਂ ਕੀਤਾ ਜਾਵੇਗਾ।
ਜਲੰਧਰ ਸ਼ਹਿਰ ਕਮਿਸ਼ਨਰੇਟ ਪੁਲਿਸ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦੀ ਹੈ ਅਤੇ ਅਪੀਲ ਕਰਦੀ ਹੈ ਕਿ ਨਵਾਂ ਸਾਲ ਸ਼ਾਂਤੀਪੂਰਨ ਢੰਗ ਨਾਲ ਮਨਾਇਆ ਜਾਵੇ, ਕਾਨੂੰਨ-ਵਿਵਸਥਾ ਬਣਾਈ ਰੱਖੀ ਜਾਵੇ ਅਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।













