ਮੀਟਿੰਗ ਦੌਰਾਨ ਕੌਂਸਲਰਾਂ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਕੀਤੀ ਸਖ਼ਤ ਨਿੰਦਾ
ਜਲੰਧਰ,ਰੋਜ਼ਾਨਾ ਭਾਸਕਰ ( ਹਰੀਸ਼ ਸ਼ਰਮਾ )-ਵਾਰਡ ਨੰ. 35 ਦੀ ਕੌਂਸਲਰ ਅਤੇ ਨਿਗਮ ਦੀਆਂ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਅੱਜ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਾਲੇ ਹੋਈ ਤਿੱਖੀ ਨੋਕ-ਚੋਕ ਅਤੇ ਮਹਿਲਾ ਕੌਂਸਲਰ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖ਼ਤ ਨਿੰਦਾ ਕੀਤੀ ਹੈ। ਕੌਂਸਲਰ ਹੈਪੀ ਨੇ ਕਿਹਾ ਕਿ ਸੱਤਾਧਾਰੀ ਧਿਰ ਦੇ ਕੌਂਸਲਰਾਂ ਨੇ ਮੁੱਦਿਆਂ ‘ਤੇ ਬਹਿਸ ਕਰਨ ਦੀ ਬਜਾਏ ਵਿਰੋਧੀ ਧਿਰ ਦੇ ਕੌਂਸਲਰਾਂ ਖ਼ਿਲਾਫ਼ ਦੁਸ਼ਣਬਾਜ਼ੀ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜੋ ਕਿ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਹਾਊਸ ਦੀ ਮੀਟਿੰਗ ‘ਚ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਤਾਂ ਨਾ ਹੀ ਕੌਂਸਲਰ ਆਪਣੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਬਾਰੇ ਮੇਅਰ ਤੇ ਕਮਿਸ਼ਨਰ ਨੂੰ ਜਾਣੂੰ ਕਰਵਾ ਸਕੇ। ਉਨ੍ਹਾਂ ਸਾਰੇ ਹੀ ਸਾਥੀ ਕੌਂਸਲਰਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਲੋਕਾਂ ਨੇ ਆਪਣੇ ਨੁਮਾਇੰਦਿਆਂ ਵਜੋਂ ਚੁਣ ਕੇ ਭੇਜਿਆ ਹੈ ਤੇ ਸਾਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਢੁੱਕਵੀਆਂ ਯੋਜਨਾਵਾਂ ਉਲੀਕਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ।
ਇਸ ਮੌਕੇ ਕੌਂਸਲਰ ਹੈਪੀ ਨੇ ਮੇਅਰ ਵਿਨੀਤ ਧੀਰ ਤੋਂ ਵੀ ਮੰਗ ਕੀਤੀ ਕਿ ਉਹ ਜਨਰਲ ਹਾਊਸ ਦੀ ਮੀਟਿੰਗ ਜਲਦ ਤੋਂ ਜਲਦ ਦੁਬਾਰਾ ਬੁਲਾਉਣ ਤਾਂ ਜੋ ਕੌਂਸਲਰ ਆਪਣੇ-ਆਪਣੇ ਵਾਰਡ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਹਾਊਸ ਅੱਗੇ ਰੱਖ ਸਕਣ।














